ਜਲੰਧਰ — ਨਮਕ ਸਿਰਫ ਨਮਕੀਨ ਚੀਜ਼ਾਂ ਦੀ ਜਾਨ ਹੀ ਨਹੀਂ ਹੁੰਦਾ, ਇਹ ਘਰ 'ਚ ਚਮਕ ਲਿਆਉਣ ਦੇ ਕੰਮ ਵੀ ਆਉਂਦਾ ਹੈ। ਇਸ ਲਈ ਘਰ ਦੀ ਸਾਫ-ਸਫਾਈ 'ਚ ਤੁਸੀਂ ਨਮਕ ਦੀ ਵਰਤੋਂ ਵੀ ਬੜੇ ਆਰਾਮ ਨਾਲ ਕਰ ਸਕਦੇ ਹੋ।
ਬੰਦ ਨਾਲੀਆਂ ਖੋਲ੍ਹੇ : ਬਾਥਰੂਮ ਹੋਵੇ ਜਾਂ ਕਿਚਨ ਸਿੰਕ, ਨਾਲੀ 'ਚ ਕਦੇ ਨਾ ਕਦੇ ਤਾਂ ਮੁਸ਼ਕਿਲ ਪੇਸ਼ ਹੁੰਦੀ ਹੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਇਕ ਕੱਪ ਨਮਕ ਅਤੇ ਬੇਕਿੰਗ ਸੋਡੇ 'ਚ ਅੱਧਾ ਕੱਪ ਸਿਰਕਾ ਮਿਲਾਓ। ਇਸ ਘੋਲ ਨੂੰ ਨਾਲੀ 'ਚ ਪਾ ਦਿਓ ਅਤੇ ਦਸ ਮਿੰਟਾਂ ਤੱਕ ਉਡੀਕ ਕਰੋ।
ਸਪੰਜ ਸਾਫ ਕਰੋ : ਸਮੇਂ ਦੇ ਨਾਲ-ਨਾਲ ਰਸੋਈ ਸਾਫ ਕਰਨ ਵਾਲਾ ਸਪੰਜ ਗੰਦਾ ਹੋ ਜਾਂਦਾ ਹੈ। ਹਰ ਵਾਰ ਉਸ ਨੂੰ ਸੁੱਟਣ ਦੀ ਲੋੜ ਨਹੀਂ। ਇਕ ਲੀਟਰ ਗਰਮ ਪਾਣੀ 'ਚ 6 ਸਰਵਿੰਗ ਸਪੂਨ ਨਮਕ ਦੇ ਪਾ ਕੇ ਉਸ 'ਚ ਸਪੰਜ ਨੂੰ 12 ਘੰਟਿਆਂ ਲਈ ਭਿਓਂ ਦਿਓ, ਸਪੰਜ 'ਚ ਨਵੀਂ ਜਾਨ ਆ ਜਾਏਗੀ।
ਕੀੜੀਆਂ ਨੂੰ ਭਜਾਓ : ਨਮਕ ਕੀੜੀਆਂ ਨੂੰ ਭਜਾਉਣ ਦੇ ਕੰਮ ਵੀ ਆਉਂਦਾ ਹੈ। ਕੀੜੀਆਂ ਦੀ ਲਾਈਨ 'ਤੇ ਥੋੜ੍ਹਾ ਜਿਹਾ ਨਮਕ ਬੁਰਕ ਦਿਓ। ਇਹ ਆਪਣੇ-ਆਪ ਗਾਇਬ ਹੋ ਜਾਣਗੀਆਂ।
ਖਿੜਕੀਆਂ ਦੀ ਸਫਾਈ : ਕੱਚ ਦੇ ਦਰਵਾਜ਼ੇ ਤੇ ਖਿੜਕੀਆਂ ਨੂੰ ਸਾਫ ਕਰਨਾ ਟੇਢੀ ਖੀਰ ਹੈ। ਚਮਕਦਾਰ ਬਣਾਉਣ ਲਈ ਇਨ੍ਹਾਂ 'ਤੇ ਥੋੜ੍ਹਾ ਜਿਹਾ ਸਿਰਕਾ ਛਿੜਕ ਦਿਓ ਅਤੇ ਕੁਝ ਦੇਰ ਲਈ ਛੱਡ ਦਿਓ। ਬੇਕਿੰਗ ਸੋਡਾ ਅਤੇ ਨਮਕ ਦਾ ਪੇਸਟ ਤਿਆਰ ਕਰਕੇ ਇਸ ਨੂੰ ਸਿਰਕੇ ਵਾਲੀ ਥਾਂ 'ਤੇ ਲਗਾਓ ਅਤੇ ਫਿਰ ਗਰਮ ਪਾਣੀ ਨਾਲ ਧੋ ਲਓ।
ਚਮਕੇ ਗੈਸ-ਸਟੋਵ : ਗੈਸ-ਸਟੋਵ 'ਤੇ ਅਕਸਰ ਤੇਲ, ਦੁੱਧ ਅਤੇ ਗ੍ਰੇਵੀ ਫੈਲ ਜਾਂਦੀ ਹੈ। ਇਨ੍ਹਾਂ ਨੂੰ ਆਸਾਨੀ ਨਾਲ ਹਟਾਉਣ ਲਈ ਗਰਮ ਪਾਣੀ ਅਤੇ ਨਮਕ ਦਾ ਪੇਸਟ ਕੰਮ ਆਉਂਦਾ ਹੈ। ਕੁਝ ਦੇਰ ਲਈ ਇਸ ਨੂੰ ਲੱਗਾ ਰਹਿਣ ਦਿਓ। ਫਿਰ ਦੇਖੋ, ਕੰਮ ਕਿੰਨਾ ਸੌਖਾ ਹੋ ਜਾਵੇਗਾ।
ਗੁਲਾਬ ਜਲ ਨਾਲ ਨਿਖਾਰੋ ਰੂਪ
NEXT STORY